Quantcast
Channel: Punjabi Feed
Viewing all articles
Browse latest Browse all 21

ਮਰ ਰਹੀ ਹੈ ਮੇਰੀ ਭਾਸ਼ਾ….- ਸੁਰਜੀਤ ਪਾਤਰ|Mar Rahi Hai Meri Bhasha – Surjit Patar

$
0
0

In this post, you’ll read the poem ‘ਮਰ ਰਹੀ ਹੈ ਮੇਰੀ ਭਾਸ਼ਾ’ -ਸੁਰਜੀਤ ਪਾਤਰ / Mar Rahi Hai Meri Bhasha -Surjit Patar.


ਮਰ ਰਹੀ ਹੈ ਮੇਰੀ ਭਾਸ਼ਾ….- ਸੁਰਜੀਤ ਪਾਤਰ|Mar Rahi Hai Meri Bhasha - Surjit Patar

ਮਰ ਰਹੀ ਹੈ ਮੇਰੀ ਭਾਸ਼ਾ…. – ਸੁਰਜੀਤ ਪਾਤਰ

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਅੰਮ੍ਰਿਤ ਵੇਲਾ, ਨੂਰ ਪਹਿਰ ਦਾ ਤੜਕਾ
ਧੰਮੀ ਵੇਲਾ, ਪਹੁ-ਫੁਟਾਲਾ
ਛਾਹ ਵੇਲਾ, ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ, ਲਉਢਾ ਵੇਲਾ
ਡੀਗਰ ਵੇਲਾ, ਲੋਏ ਲੋਏ
ਸੂਰਜ ਖੜੇ ਖੜੇ, ਤਰਕਾਲਾਂ
ਡੂੰਘੀਆਂ ਸ਼ਾਮਾਂ,ਦੀਵਾ ਵੱਟੀ
ਖਉਪੀਆ,ਕੌੜਾ ਸੋਤਾ
ਢੱਲਦੀਆਂ ਖਿੱਤੀਆਂ, ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ ਸਾਝਰਾ, ਸੁਵਖ਼ਤਾ,
ਸਰਘੀ ਵੇਲਾ
ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ
ਵਿਚਾਰੇ ਮਾਰੇ ਗਏ
ਇਕੱਲੇ ਟਾਈਮ ਹੱਥੋਂ
ਇਹ ਸ਼ਬਦ ਸਾਰੇ
ਸ਼ਾਇਦ ਇਸ ਲਈ
ਕਿ ਟਾਈਮ ਕੋਲ ਟਾਈਮ-ਪੀਸ ਸੀ

ਹਰਹਟ ਕੀ ਮਾਲਾ,
ਚੰਨੇ ਦਾ ਉਹਲਾ,
ਗਾਧੀ ਦੇ ਹੂਟੇ
ਕਾਂਜਣ, ਨਿਸਾਰ, ਔਲੂ
ਚੱਕਲੀਆਂ, ਬੂੜੇ, ਭਰ ਭਰ ਡੁੱਲ੍ਹ ਦੀਆਂ ਟਿੰਡਾਂ
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬ-ਵੈੱਲ ਦੀ ਧਾਰ ਵਿਚ

ਮੈਨੂੰ ਕੋਈ ਹੈਰਾਨੀ ਨਹੀਂ
ਹੈਰਾਨੀ ਤਾਂ ਇਹ ਹੈ ਕਿ
ਅੰਮੀ ਤੇ ਅੱਬਾ ਵੀ ਨਹੀਂ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ
ਕਿੰਨੇ ਰਿਸ਼ਤੇ
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ

ਤੇ ਕੱਲ੍ਹ ਕਹਿ ਰਿਹਾ ਸੀ
ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਮਰ ਰਹੀ ਹੈ ਅਪਣੀ ਭਾਸ਼ਾ
ਪੱਤਾ ਪੱਤਾ ਸ਼ਬਦ ਸ਼ਬਦ
ਹੁਣ ਤਾਂ ਰੱਬ ਹੀ ਰਾਖਾ ਹੈ
ਮੇਰੀ ਭਾਸ਼ਾ ਦਾ

ਰੱਬ ?
ਰੱਬ ਤਾਂ ਆਪ ਪਿਆ ਹੈ ਮਰਨਹਾਰ
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ
ਮਰ ਰਹੀ ਹੈ ਮੇਰੀ ਭਾਸ਼ਾ
ਮਰ ਰਹੀ ਹੈ ਬਾਈ ਗੌਡ

ਇਹ ਵੀ ਪੜ੍ਹੋ: Punjabi Proverbs | ਪੰਜਾਬੀ ਅਖਾਣ – ਕ ਤੋਂ ਢ

ਮਰ ਰਹੀ ਹੈ ਮੇਰੀ ਭਾਸ਼ਾ
ਕਿਉਂਕਿ ਜੀਉਂਦੇ ਰਹਿਣੇ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਜੀਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਇਸ ਸ਼ਰਤ ਤੇ ਵੀ
ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ
ਕੀ ਬੰਦੇ ਦਾ ਜਿਉਂਦੇ ਰਹਿਣਾ
ਜ਼ਿਆਦਾ ਜ਼ਰੂਰੀ ਹੈ
ਕਿ ਭਾਸ਼ਾ ਦਾ ?
ਹਾਂ ਜਾਣਦਾ ਹਾਂ
ਤੁਸੀਂ ਕਹੋਗੇ
ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ
ਪਰ ਕੀ ਉਹ ਬੰਦਾ ਰਹੇਗਾ ?

ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਆਪ ਹੀ ਦੱਸੋ
ਹੁਣ ਜਦੋਂ
ਦਾਣੇ ਦਾਣੇ ਉੱਪਰ
ਖਾਣ ਵਾਲੇ ਦਾ ਨਾਮ ਵੀ
ਤੁਹਾਡਾ ਰੱਬ ਅੰਗਰੇਜ਼ੀ ਵਿਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ
ਕਿ ਉਸ ਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ ?
ਜੀਉਂਦਾ ਰਹੇ ਮੇਰਾ ਬੱਚਾ
ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ

ਨਹੀਂ ਇਸਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ
ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ
ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ
ਤੇ ਸ਼ਬਦ ਕਦੀ ਮਰਦੇ ਵੀ ਨਹੀਂ
ਮਰ ਵੀ ਜਾਣ ਤਾਂ
ਆਉਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ
ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ
ਸ਼ਬਦਾਂ ਦਾ ਪਰਲੋਕ
ਅਸੀਂ ਵੀ ਜਾ ਸਕਦੇ ਹਾਂ
ਜਿਉਂਦੇ ਜਾਗਦੇ
ਸ਼ਬਦਾਂ ਦੇ ਪਰਲੋਕ ਵਿਚ
ਓਥੇ ਉਨ੍ਹਾਂ ਦੇ ਪਰਵਾਰ ਵਸੇ ਹੁੰਦੇ ਹਨ
ਮੇਲੇ ਲੱਗੇ ਹੁੰਦੇ ਹਨ ਓਥੇ ਸ਼ਬਦਾਂ ਦੇ
ਮਰ ਚੁੱਕੇ ਲੇਖਕਾਂ ਦੀਆਂ ਜਿਊਂਦੀਆਂ ਕਿਤਾਬਾਂ ਵਿਚ
ਰੱਬ ਨਹੀਂ ਤਾਂ ਨਾ ਸਹੀ
ਸਤਿਗੁਰ ਇਸ ਦੇ ਸਹਾਈ ਹੋਣਗੇ
ਇਸ ਨੂੰ ਬਚਾਉਣਗੇ
ਸੂਫ਼ੀ, ਸੰਤ, ਫ਼ਕੀਰ
ਸ਼ਾਇਰ
ਨਾਬਰ
ਆਸ਼ਕ
ਯੋਧੇ
ਮੇਰੇ ਲੋਕ
ਅਸੀਂ
ਆਪਾਂ
ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ
ਸਾਡੀ ਭਾਸ਼ਾ

ਇਹ ਵੀ ਹੋ ਸਕਦਾ
ਕਿ ਇਸ ਮਾਰਨਹਾਰ ਮਾਹੌਲ ਵਿਚ ਘਿਰ ਕੇ
ਮਾਰਨਹਾਰਾਂ ਦਾ ਟਾਕਰਾ ਕਰਨ ਲਈ
ਹੋਰ ਵੀ ਜਿਉਣਜੋਗੀ
ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ ।

ਇਹ ਵੀ ਪੜ੍ਹੋ: Punjabi Boliyan, Punjabi Boliyan Written|( ਪੰਜਾਬੀ ਬੋਲੀਆਂ )

ਮਰ ਰਹੀ ਹੈ ਮੇਰੀ ਭਾਸ਼ਾ….- ਸੁਰਜੀਤ ਪਾਤਰ|Mar Rahi Hai Meri Bhasha – Surjit Patar via @punjabifeed

Viewing all articles
Browse latest Browse all 21