Quantcast
Channel: Punjabi Feed
Viewing all articles
Browse latest Browse all 21

Best Motivational Poem in Punjabi –‘ਰਾਹੀਆ ਤੂੰ ਰੁਕ ਨਾ’ /’Rahiya tu rukk na’ by ਦੀਪਕ ਜੈਤੋਈ

$
0
0

Read this Motivational Poem in Punjabi, written by the legendary Punjabi poet Deepak Jaitoi titled ‘ਰਾਹੀਆ ਤੂੰ ਰੁਕ ਨਾ’


You can listen to the audio or download it.


‘ਰਾਹੀਆ ਤੂੰ ਰੁਕ ਨਾ’- ਦੀਪਕ ਜੈਤੋਈ

ਰਾਹੀਆ ਤੂੰ ਰੁਕ ਨਾ, ਕਿ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ ਢੁਕਦੇ ਨੀ ਹੁੰਦੇ,
ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ ਸਦਾ ਚਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ।

ਪਹਾੜਾਂ ਦੀ ਛਾਤੀ ਨੂੰ ਛਾਣਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁਕਦੇ ਨੀ ਹੁੰਦੇ,
ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਏ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨੀ ਹੁੰਦੇ।

ਤੇ ਤੂੰ, ਤੂੰ ਤੇ ਹੈ ਜਾਣਾ ਬੜੀ ਦੂਰ ਹਾਲੇ, ਹਜੇ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ,
ਓਹੀ ਗਲ ਕੀਤੀ ਨਾ ਕਹਿੰਦੇ ਨੇ ਜਿੱਦਾਂ ਕਿ ਕੋਹ ਨਾ ਚੱਲੀ ਤੇ ਬਾਬਾ ਜੀ ਹਾਈ ।

ਮੈਂ ਮੰਨਦਾਂ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ ਥਕੇਵਾਂ ਇਹ ਟੰਗਾਂ ਨੂੰ ਚੜ੍ਹਿਆ ਵੀ ਹੋਣਾ,
ਤੇਰੇ ਮਨ ਦਾ ਅੜੀਅਲ ਤੇ ਬੇ-ਬਾਕ ਘੋੜਾ ਕਈ ਵਾਰ ਰਸਤੇ ‘ਚ ਅੜਿਆ ਵੀ ਹੋਣਾ।

ਔਰ ਤੇਰੀ ਆਜਮਾਇਸ਼ ਨੂੰ ਸਾਹਵੇਂ ਵਿਧਾਤਾ ਤੇਰੇ ਅੜਚਨਾਂ ਲੈ ਲੈ ਖੜਿਆ ਵੀ ਹੋਣਾ,
ਕਈ ਵਾਰ ਤੇਰੀ ਬਗ਼ਾਵਤ ਦਾ ਸ਼ੋਲਾ ਮੁਖ਼ਾਲਿਫ਼ ਦੇ ਵਿਹੜੇ ‘ਚ ਲੜਿਆ ਵੀ ਹੋਣਾ।

ਤਾਂ ਕੀ ਹੋਇਆ ਚੰਨਿਆਂ ਇਹ ਹੋਇਆ ਈ ਕਰਦੈ, ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ,
ਕਦਮ ਮੁਸ਼ਕਿਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ ਜਵਾਨੀ ਨਹੀਂ ਹੁੰਦੀ।

ਜੇ ਸੂਲਾਂ ਤੇ ਤੁਰਿਐਂ ਤਾਂ ਦਸ ਖਾਂ ਜਾਵਾਂ ਅਜੇਹੇ ਜਹੇ ਭਖੜੇ ਤੋਂ ਡਰਨਾ ਕੀ ਹੋਇਆ,
ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪਰਨ ਕੀਤਾ ਤਾਂ ਫਿਰ ਬੋਚ ਕੇ ਪੈਰ ਧਰਨਾ ਕੀ ਹੋਇਆ।

ਔਰ ਜੇ ਹੱਸ ਹੱਸ ਕੇ ਪਿੱਤਾ ਸੁਕਾਉਣਾ ਹੈ ਸਿੱਖਿਆ ਤਾਂ ਠੰਡੇ ਜਹੇ ਹੌਕੇ ਭਰਨਾ ਕੀ ਹੋਇਆ,
ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ, ਵਹਾ ਨਾਲ ਵਹਿ ਜਾਣਾ ਤਰਨਾ ਕੀ ਹੋਇਆ ।

ਕਦਮ ਜੇ ਵਧਾਇਐ ਤਾਂ ਮੁੜ ਮੁੜ ਕੀ ਵਿਹਨੈਂ, ਤੇਰੇ ਸਿਰ ਤੇ ਫ਼ਰਜ਼ਾਂ ਦਾ ਥੱਬਾ ਹੈ ਚੰਨਿਆਂ,
ਇਹ ਰੁਕ ਰੁਕ ਕੇ ਵਧਣਾ, ਜਾਂ ਵਧ ਵਧ ਕੇ ਰੁਕਣਾ, ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆਂ।

ਕਿ ਜ਼ਮਾਨੇ ਦੇ ਚੱਕਰ ਨੂੰ ਲਲਕਰ ਕੇ ਕਹਿਦੇ, ਚੱਕਰ ਮੈਂ ਤੇਰੇ ਭੂਆਂ ਕੇ ਹਟਾਂਗਾ,
ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀਂ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ।

ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਤੈਨੂੰ ਢਾ ਕੇ ਹਟਾਂਗਾ,
ਤੂਫ਼ਾਨਾਂ ਨੂੰ ਕਹਿਦੇ ਕਿ ਵਧ ਵਧ ਕੇ ਆਓ, ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ।

ਔਰ ਜਦੋਂ ਵੇਖੀ ਤੇਰੇ ਇਰਾਦੇ ਚ ਸਖ਼ਤੀ, ਤਾਂ ਸ਼ਕਤੀ ਉਦਾਲੇ ਆਪ ਘੁਮੂੰਗੀ ਤੇਰੇ,
ਇਹ ਸਾਰੀ ਦੀ ਸਾਰੀ ਖ਼ੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁਮੂੰਗੀ ਤੇਰੇ।

ਤੂੰ ਵੇਂਹਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ, ਕਿਵੇਂ ਤੇਰੀ ਮਦਦ ਨੂ ਆਂਦੀ ਪਈ ਏ,
ਕੁਰਾਹੇ ਨਾ ਪੈ ਜਏਂ ਤਦੇ ਤਾਂ ਇਹ ਬਿਜਲੀ ਲਿਸ਼ਕ ਨਾਲ ਰਸਤਾ ਵਿਖਾਉਂਦੀ ਪਈ ਏ।

ਓਹ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ, ਤੇਰੀ ਰਾਹ ਨੂੰ ਪਧਰ ਬਣਾਉਂਦੀ ਪਈ ਏ,
ਇਹ ਬਦਲ ਨਹੀਂ ਗਜਦੇ, ਕੁਦਰਤ ਦੀ ਵੀਣਾ ਤੇਰੇ ਸੁਆਗਤੀ ਗੀਤ ਗਾਉਂਦੀ ਪਈ ਏ।

ਔਰ ਹਿਫ਼ਾਜ਼ਤ ਲਈ ਤੇਰੀ ਖ਼ੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚਲੇ ਆ ਰਹੇ ਨੇ,
ਤੇ ਰਫ਼ਤਾਰ ਤੇਰੀ ‘ਚ ਸੁਸਤੀ ਨਾ ਆ ਜਏ, ਤਾਂ ਪੈਰਾਂ ‘ਚ ਕੰਡੇ ਖੁਭੇ ਜਾ ਰਹੇ ਨੇ।

ਔਹ ਵੇਖ ਹੁਣ ਤਾਂ ਉਜਾਲਾ ਵੀ ਦਿੱਸਿਐ, ਤੇ ਮੰਜ਼ਿਲ ਵੀ ਬਾਹਾਂ ਉੱਲਾਰੀ ਖੜੀ ਹੈ,
ਤੂੰ ਨੱਠੀਂ ਜਾ ਜਾ ਕੇ ਬਗ਼ਲਗੀਰ ਹੋ ਜਾ ਉਡੀਕਾਂ ‘ਚ ਕਰਦੀ ਇੰਤਜ਼ਾਰੀ ਖੜੀ ਹੈ ।

ਤੇਰੇ ਦਮ ਕਦਮ ਦੇ ਭਰੋਸੇ ਤੇ ਝੱਲੀ ਉਮੀਦਾਂ ਦੇ ਮੰਜ਼ਰ ਉਸਾਰੀ ਖੜੀ ਹੈ,
ਤੂੰ ਪਹੁੰਚਿਆ ਤਾਂ ਦੇਖੀਂ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨੀਆਂ ਪੁਕਾਰੀ ਖੜੀ ਹੈ।

ਔਰ ਤੇਰੇ ਏਸ ਜੀਵਨ ਦੇ ‘ਦੀਪਕ’ ਦੀ ਲੌ ਨੇ, ਨਸਲ ਆਉਣ ਵਾਲੀ ਨੂੰ ਰਸਤਾ ਦਿਖਾਉਣੈਂ,
ਪਵਿੱਤਰ ਸਮਝਕੇ ਤੇਰੇ ਪੈਰਾਂ ਦਾ ਰੇਤਾ ਇਹਨਾਂ ਲੋਕਾਂ ਨੇ ਚੁੰਮ ਚੁੰਮ ਕੇ ਮੱਥੇ ਨੂੰ ਲਾਉਣੈਂ।

Best Motivational Poem in Punjabi - 'ਰਾਹੀਆ ਤੂੰ ਰੁਕ ਨਾ' /'Rahiya tu rukk na' by ਦੀਪਕ ਜੈਤੋਈ

Viewing all articles
Browse latest Browse all 21