ਜਨਮ ਲੈਣ ਤੋਂ ਹੀ ਅਸੀਂ ਰਿਸ਼ਤਿਆਂ ਦਾ ਨਿੱਘ ਮਾਣਨਾ ਸ਼ੁਰੂ ਕਰ ਦਿੰਦੇ ਹਾਂ ।
ਜਦੋਂ ਬੱਚੇ ਦੀ ਪੈਦਾਇਸ਼ ਹੁੰਦੀ ਹੈ ਤਾਂ ਉਸ ਲਈ ਸਭ ਤੋਂ ਨੇੜੇ ਦਾ ਅਹਿਮ ਰਿਸ਼ਤਾ ਮਾਂ ਦਾ ਹੁੰਦਾ ਹੈ ਕਿਉਂਕਿ ਮਾਂ ਨਾਲ ਬੱਚੇ ਦੀ ਸਾਂਝ ਜਨਮ ਤੋਂ ਪਹਿਲਾ ਹੀ ਪੈ ਜਾਂਦੀ ਹੈ। ਮਾਂ 9 ਮਹੀਨੇ ਬੱਚੇ ਨੂੰ ਆਪਣੇ ਲਹੂ ਨਾਲ ਸਿੰਜਦੀ ਹੈ। ਇਸ ਤੋਂ ਬਾਅਦ ਬਾਕੀ ਰਿਸ਼ਤਿਆਂ ਦਾ ਨੰਬਰ ਆਉਂਦਾ ਹੈ। ਰਿਸ਼ਤਿਆਂ ਦੀ ਲੰਮੀ ਕਤਾਰ ਵਿਚ ਪਿਆਰ, ਅਪਣੱਤ ਅਤੇ ਮੋਹ ਭਰਿਆ ਹੁੰਦਾ ਹੈ, ਬੱਚੇ ਨਾਲ ਦਾਦੀ ਅਤੇ ਨਾਨੀ ਦਾ ਰਿਸ਼ਤਾ।
ਦਾਦੀ ਦੀ ਗੋਦੀ ਵਿਚ ਬਿਤਾਇਆ ਹੋਇਆ ਬਚਪਨ ਉਮਰ ਭਰ ਬੜਾ ਯਾਦ ਆਉਂਦਾ ਹੈ, ਤਿਵੇਂ ਹੀ ਨਾਨੀ ਦਾ ਰਿਸ਼ਤਾ ਵੀ ਦੋਹਤੇ-ਦੋਹਤੀਆਂ ਲਈ ਬੜਾ ਮੋਹ ਭਰਿਆ ਹੁੰਦਾ ਹੈ। ਆਖਰ ਨਾਨੀ ਦੀ ਧੀ ਦੀ ਆਗਮ ਜੁ ਹੋਈ ਜਿਸ ਨੂੰ ਵੇਖ ਕੇ ਨਾਨੀ ਦਾ ਖ਼ੁਸ਼ ਹੋਣਾ ਸੁਭਾਵਿਕ ਹੈ। ਧੀ ਦੀ ਪਲੇਠੀ ਔਲਾਦ ਹੋਣ ‘ਤੇ ਨਾਨੀ ਦੀ ਖੁਸ਼ੀ ਕਿਤੇ ਦਾਦੀ ਨਾਲੋਂ ਘੱਟ ਨਹੀਂ ਹੁੰਦੀ। ਭਾਵੇਂ ਧੀ ਹੋਵੇ ਭਾਵੇਂ ਪੁੱਤਰ, ਨਾਨੀ ਦੀ ਖ਼ੁਸ਼ੀ ਵੀ ਵੇਖਣ ਵਾਲੀ ਹੁੰਦੀ ਹੈ।

ਜੇਕਰ ਬੱਚੇ ਦਾ ਜਨਮ ਦਾਦਕੇ ਘਰ ਹੋਇਆ ਹੋਵੇ, ਨਾਨਕਿਆਂ ਵਲੋਂ ਬੱਚੇ ਲਈ ਚਾਂਦੀ ਦੇ ਕੰਗਣ, ਕੱਪੜੇ, ਜਵਾਈ ਲਈ ਸੋਨੇ ਦੀ ਮੁੰਦਰੀ ਧੀ ਲਈ ਗਹਿਣੇ ਕੱਪੜੇ ਸਾਰੇ ਟੱਬਰ ਦੇ ਸਨਮਾਨ ਵਜੋਂ ਕਪੜੇ ਅਤੇ ਧੀ ਦੇ ਖਾਣ ਲਈ ਉਚੇਚੀ ਖੁਰਾਕ ਮਾਪੇ, ਧੀ ਦੇ ਸਹੁਰੇ ਘਰ ਲੈ ਕੇ ਆਉਂਦੇ ਹਨ।
ਇਹ ਵੀ ਪੜੋ: ਹਾਸਾ ਵੀ ਹੈ ਲਾਜਵਾਬ ਦਵਾਈ
ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਉਸ ਦਾ ਆਪਣੀ ਦਾਦੀ ਅਤੇ ਨਾਨੀ ਨਾਲ ਵੀ ਮਾਂ ਵਰਗਾ ਹੀ ਮੋਹ ਪੈਦਾ ਹੋਣ ਲੱਗਦਾ ਹੈ। ਇਨ੍ਹਾਂ ਦੋਵਾਂ ਔਰਤਾਂ ਦਾ ਬੱਚਿਆਂ ਉੱਪਰ ਮਾਂ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵ ਹੁੰਦਾ ਹੈ। ਇਹ ਉਹ ਰਿਸ਼ਤੇ ਹਨ ਜਿਨ੍ਹਾਂ ਦੇ ਹੱਥਾਂ ਅਤੇ ਗੋਦ ਵਿਚ ਆ ਕੇ ਬੱਚਾ ਆਪਣੀ ਮਾਂ ਵਰਗੀ ਸੁਰੱਖਿਆ ਅਨੁਭਵ ਕਰਦਾ ਹੈ। ਦਾਦੀਆਂ-ਨਾਨੀਆਂ ਮੋਹ-ਪਿਆਰ ਨਾਲ ਭਿੱਜੀਆਂ ਲੋਰੀਆਂ ਸੁਣਾ ਕੇ ਉਸ ਨੂੰ ਵਰਚਾਉਂਦੀਆਂ ਹੀ ਨਹੀਂ ਸਗੋਂ ਮਨੋਰੰਜਨ ਕਰਦੀਆਂ ਹੋਈਆਂ ਮੋਢੇ ਨਾਲ ਲਗਾ ਕੇ ਇਉਂ ਥਾਪੜਦੀਆਂ ਹਨ ਕਿ ਰੋਂਦਾ ਹੋਇਆ ਬੱਚਾ ਪਲਾਂ ਛਿਣਾਂ ਵਿਚ ਹੀ ਸੁਪਨਮਈ ਸੰਸਾਰ ਵਿਚ ਚਲਾ ਜਾਂਦਾ ਹੈ।
ਬੱਚਾ ਆਪਣੀਆਂ ਅੱਖਾਂ ਦਾਦੀ ਜਾ ਨਾਨੀ ਦੇ ਹੱਥਾਂ ਵਿਚ ਹੀ ਖੋਲ੍ਹਦਾ ਹੈ। ਇਨ੍ਹਾਂ ਔਰਤਾਂ ਦੇ ਪਿਆਰ ਦੇ ਨਾਲ-ਨਾਲ ਤਜਰਬੇ ਵੀ ਬੱਚੇ ਨੂੰ ਪ੍ਰਾਪਤ ਹੁੰਦੇ ਰਹਿੰਦੇ ਹਨ। ਨਿੱਕੇ ਬੱਚੇ, ਜੋ ਬੋਲ ਕੇ ਆਪਣੀ ਪੀੜ ਨਹੀਂ ਦੱਸ ਪਾਉਂਦੇ, ਇਹ ਆਪਣੀ ਜ਼ਿੰਦਗੀ ਦੇ ਤਜਰਬੇ ਨਾਲ ਉਸ ਪੀੜਾ ਨੂੰ ਸਮਝ ਕੇ ਉਸ ਦਾ ਫੌਰੀ ਹੱਲ ਦੱਸਦੀਆਂ ਹਨ। ਤਜਰਬੇ ਕਾਰਨ ਇਹ ਵੈਦ ਹਕੀਮ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ। ਦੇਸੀ ਓਹੜ-ਪੋਹੜ ਨਾਲ ਇਹ ਕਈ ਵਾਰ ਕਿਸੇ ਬਿਮਾਰੀ ਦਾ ਹੱਲ ਕਰਨ ਦੇ ਸਮਰੱਥ ਹੁੰਦੀਆਂ ਹਨ।
ਜਦੋਂ ਬੱਚਾ ਤੁਰਨ-ਫਿਰਨ ਲੱਗਦਾ ਹੈ ਤਾਂ ਦਾਦੀਆਂ-ਨਾਨੀਆਂ ਦੀਆਂ ਲੋਰੀਆਂ ਦੀ ਥਾਂ ਕਹਾਣੀਆਂ ਲੈ ਲੈਂਦੀਆਂ ਹਨ। ਕੋਈ ਸਮਾਂ ਸੀ ਜਦੋਂ ਸਾਂਝੇ ਪਰਿਵਾਰਾਂ ਵਿਚ ਦਾਦੀ-ਨਾਨੀ ਕੋਲ ਰਾਤ ਨੂੰ ਬਹਿ ਕੇ ਬੱਚੇ ਕਹਾਣੀਆਂ ਸੁਣਦੇ ਸਨ। ਮੰਜਿਆਂ ‘ਤੇ ਬਹਿ ਕੇ ਦੇਰ ਰਾਤ ਤਕ ਰਾਜੇ-ਰਾਣੀਆਂ, ਚਿੜੀ-ਜਨੌਰਾਂ, ਭੂਤਾਂ-ਪ੍ਰੇਤਾਂ, ਪਰੀਆਂ, ਰਾਜਕੁਮਾਰਾਂ ਅਤੇ ਜਾਦੂਗਰਾਂ ਆਦਿ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਕਹਾਣੀਆਂ ਬੱਚਿਆਂ ਦਾ ਕੇਵਲ ਮਨੋਰੰਜਨ ਹੀ ਨਹੀਂ ਸਨ ਕਰਦੀਆਂ ਸਗੋਂ ਉਨ੍ਹਾਂ ਨੂੰ ਇਸ ਪੱਖੋਂ ਵੀ ਸੁਰੱਖਿਅਤ ਕਰਦੀਆਂ ਸਨ ਕਿ ਕਦੇ ਵੀ ਸੰਕਟ ਦੀ ਘੜੀ ਵਿਚ ਹਾਰ ਨਹੀਂ ਮੰਨਣੀ ਚਾਹੀਦੀ। ਸਗੋਂ ਸੂਝ-ਬੂਝ ਅਤੇ ਹਾਜ਼ਰ ਦਿਮਾਗ਼ੀ ਨਾਲ ਹਾਲਾਤ ਉੱਪਰ ਕਾਬੂ ਪਾਉਣਾ ਚਾਹੀਦਾ ਹੈ। ਦਾਦੀਆਂ-ਨਾਨੀਆਂ ਦੇ ਰਿਸ਼ਤੇ ਨੂੰ ਗੁਣਾਂ ਅਤੇ ਅਨੁਭਵ ਦੀ ਗੁਥਲੀ ਨਾਲ ਉਪਮਾ ਦਿੱਤੀ ਜਾਂਦੀ ਹੈ।
ਅਸਲ ਵਿਚ ਦਾਦੀਆਂ-ਨਾਨੀਆਂ ਵਲੋਂ ਬੱਚਿਆਂ ਨੂੰ ਕਹਾਣੀਆਂ ਸੁਣਾਉਣ ਦੀ ਰਵਾਇਤ ਪਿੱਛੇ ਵੀ ਇਹ ਭਾਵਨਾ ਹੁੰਦੀ ਸੀ ਕਿ ਬੱਚੇ ਦੇ ਮਨ ਵਿਚ ਆਤਮ-ਵਿਸ਼ਵਾਸ ਪੈਦਾ ਹੋਵੇ ਅਤੇ ਉਸ ਦੀ ਕਲਪਨਾ ਸ਼ਕਤੀ ਦਾ ਵਿਕਾਸ ਹੋਵੇ। ਇਤਿਹਾਸ ਗਵਾਹ ਹੈ ਕਿ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਸਾਖੀਆਂ, ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਧਰਮ ‘ਤੇ ਡਟੇ ਰਹਿਣ ਲਈ ਪ੍ਰਪੱਕ ਕੀਤਾ ਸੀ।
ਕਹਿੰਦੇ ਹਨ, ਅਸਲ ਨਾਲੋਂ ਸੂਦ ਜ਼ਿਆਦਾ ਪਿਆਰਾ ਹੁੰਦਾ ਹੈ।
ਕਾਫ਼ੀ ਆਦਤਾਂ ਵਿਚ ਸਮਾਨਤਾ ਹੋਣ ਕਰਕੇ ਬਜ਼ੁਰਗ ਅਤੇ ਛੋਟੇ ਬੱਚੇ ਛੇਤੀ ਇਕ-ਦੂਜੇ ਦੇ ਪਿਆਰ ਵਿਚ ਗੜੁੱਚ ਹੋ ਜਾਂਦੇ। ਦੋਵਾਂ ਕੋਲ ਵਿਹਲਾ ਵਕਤ ਹੋਣ ਕਰਕੇ ਕਾਫ਼ੀ ਚਿਰ ਇਕੱਠੇ ਰਹਿਣਾ ਇਨ੍ਹਾਂ ਨੂੰ ਛੇਤੀ ਹੀ ਘਿਓ-ਖਿੱਚੜੀ ਬਣਾ ਦਿੰਦਾ। ਬਜ਼ੁਰਗਾਂ ਕੋਲ ਬੋਲਣ ਨੂੰ ਕਾਫ਼ੀ ਕੁਝ ਹੋਣਾ ਅਤੇ ਬੱਚਿਆਂ ਕੋਲ ਲਫ਼ਜ਼ ਘੱਟ ਹੋਣ ਕਰਕੇ ਸੁਣਨ ਦਾ ਜ਼ਿਆਦਾ ਸ਼ੌਕ ਹੋਣ ਕਰਕੇ ਵੀ ਇਹ ਜੋੜੀਆਂ ਖ਼ੂਬ ਫੱਬਦੀਆਂ। ਪੁਰਾਣੇ ਸਮਿਆਂ ਵਿਚ ਇਕੱਠੇ ਰਹਿਣ ਕਰਕੇ ਬੱਚਿਆਂ ਦਾ ਦਾਦਾ-ਦਾਦੀ, ਨਾਨਾ-ਨਾਨੀ ਨਾਲ ਪਿਆਰ ਵੀ ਵਧਦਾ।

ਮਾਂ-ਬਾਪ ਨਾਲੋਂ ਵਧ ਕੇ ਬੱਚੇ ਨਾਲ ਲਾਡ ਕਰਨਾ ਇਨ੍ਹਾਂ ਦੇ ਹਿੱਸੇ ਆਇਆ ਹੈ ਬੱਚਿਆਂ ਦੀ ਜੇਬ ਖ਼ਰਚ ਤੋਂ ਲੈ ਕੇ ਹੋਰ ਖ਼ਰਚ ਦੀਆਂ ਜ਼ਰੂਰਤਾਂ ਦਾਦੀ ਅਤੇ ਨਾਨੀ ਮਾਂ ਹੀ ਪੂਰਾ ਕਰਦੀਆਂ ਹਨ। ਕਈ ਵਾਰ ਇਹ ਆਪਣੇ ਵਿਸ਼ੇਸ਼ ਅਧਿਕਾਰ ਵਰਤ ਕੇ ਬੱਚੇ ਦੀ ਮੰਗ ਵੀ ਪੂਰੀ ਕਰਵਾ ਦਿੰਦੀਆਂ ਹਨ। ਕਈ ਲੋਕ ਕਹਿ ਦਿੰਦੇ ਹਨ ਬੱਚੇ ਨੂੰ ਵਿਗਾੜਣ ਵਿਚ ਦਾਦੀ ਅਤੇ ਨਾਨੀ ਦਾ ਹੱਥ ਹੁੰਦਾ ਹੈ। ਕੀ ਮਜਾਲ ਕੋਈ ਪੋਤੇ-ਪੋਤੀ ਨੂੰ ਘੂਰ ਜਾਏ। ਬੱਚਿਆਂ ਨੂੰ ਵੀ ਪਤਾ ਹੁੰਦਾ ਸੀ ਕਿ ਗ਼ਲਤੀ ਕਰਨ ‘ਤੇ ਜੇਕਰ ਮਾਂ ਬਾਪ ਦੀ ਕੁੱਟ ਤੋਂ ਬਚਣਾ ਹੈ ਤਾਂ ਦਾਦੇ-ਦਾਦੀ ਕੋਲ ਪਹੁੰਚ ਜਾਓ। ਕਈ ਵਾਰ ਇਸ ਗੱਲ ਤੋਂ ਮਾਂ-ਪੁੱਤ, ਨੂੰਹ-ਸੱਸ ਦੀ ਜਾਂ ਪਿਉ-ਪੁੱਤ ਦੀ ਤੂੰ-ਤੂੰ ਮੈਂ ਹੋ ਜਾਂਦੀ। ਪਰ ਦਾਦੇ-ਦਾਦੀ ਨੂੰ ਪੋਤੇ-ਪੋਤੀ ਨੂੰ ਉਸ ਕੁੱਟ ਤੋਂ ਬਚਾ ਕੇ, ਇੰਜ ਦਾ ਅਹਿਸਾਸ ਹੁੰਦਾ ਹੈ ਜਿਵੇਂ ਜੰਗ ਜਿੱਤੀ ਹੋਵੇ ਤੇ ਹੌਲੀ ਜਿਹੀ ਪੋਤੇ-ਪੋਤੀ ਦੇ ਕੰਨ ਵਿਚ ਅੱਗੇ ਤੋਂ ਗ਼ਲਤ ਕੰਮ ਨਾ ਕਰਨ ਦੀ ਗੱਲ ਵੀ ਕਹਿ ਦੇਣਗੇ। ਬੱਚੇ ਪਿਆਰ ਦੀ ਭਾਸ਼ਾ ਬਹੁਤ ਜਲਦੀ ਸਮਝਦੇ ਹਨ, ਦਾਦੇ-ਦਾਦੀ, ਨਾਨਾ-ਨਾਨੀ ਦੀ ਦਿੱਤੀ ਨਸੀਹਤ ਵੀ ਪੱਲੇ ਬੰਨ੍ਹ ਲੈਂਦੇ ਹਨ।
ਹੌਲੀ-ਹੌਲੀ ਆਧੁਨਿਕੀਕਰਨ ਦੇ ਪ੍ਰਭਾਵ ਨੇ ਸੰਯੁਕਤ ਪਰਿਵਾਰਾਂ ਨੂੰ ਛੋਟੇ-ਛੋਟੇ ਪਰਿਵਾਰਾਂ ਵਿਚ ਵੰਡ ਦਿੱਤਾ ਹੈ ਹਰ ਜੀਅ ਲਈ ਆਪਣਾ ਵੱਖਰਾ ਕਮਰਾ ਹੁੰਦਾ ਹੈ। ਅੱਜ ਦੇ ਬੱਚੇ ਇਨ੍ਹਾਂ ਸਾਰੀਆਂ ਖ਼ੂਬੀਆਂ ਤੋਂ ਵਾਂਝੇ ਹਨ। ਪੜ੍ਹਾਈ ਦਾ ਬੋਝ ਬੱਚਿਆਂ ਦੀ ਮੱਤ ਮਾਰ ਰਿਹਾ ਹੈ। ਬੱਚਿਆਂ ਕੋਲ ਸਮਾਂ ਹੀ ਨਹੀਂ। ਸਕੂਲ ਤੋਂ ਆ ਕੇ ਬੱਚਾ ਹੋਮਵਰਕ ਕਰਦਾ ਹੈ, ਫਿਰ ਟਿਊਸ਼ਨ ਪੜ੍ਹਨ ਜਾਂਦਾ ਹੈ। ਛੋਟੀ ਤੋਂ ਛੋਟੀ ਉਮਰ ਦਾ ਬੱਚਾ ਮੋਬਾਈਲ ਨੂੰ ਚਲਾ ਲੈਂਦਾ ਹੈ। ਅਗਾਂਹਵਧੂ ਜ਼ਮਾਨੇ ਨੇ ਸਾਡਾ ਵਿਰਸਾ ਸਾਥੋਂ ਖੋਹ ਲਿਆ ਹੈ। ਅੱਜ ਦੇ ਬੱਚੇ ਆਪੋ-ਆਪਣੇ ਕਮਰਿਆਂ ਵਿਚ ਤੜ ਕੇ ਰਹਿ ਗਏ ਹਨ, ਐਸੇ ਮਨ ਪ੍ਰਚਾਵੇ ਦੇ ਸਾਧਨ ਆ ਗਏ ਹਨਫੇਸਬੁੱਕ, ਵੱਟਸਐਪ ਤੇ ਟੈਲੀਵਿਜ਼ਨਾਂ ‘ਤੇ ਲਗਾਤਾਰ ਚੱਲ ਰਹੇ ਲੜੀਵਾਰਾਂ ਨੇ ਉਨ੍ਹਾਂ ਨੂੰ ਉਲਝਾ ਕੇ ਰੱਖ ਦਿੱਤਾ ਹੈ।
ਅੱਜ ਦੇ ਸਮੇਂ ਨੇ ਬੱਚਿਆਂ ਵਿਚੋਂ ਸਹਿਣਸ਼ੀਲਤਾ ਤੇ ਨਿਮਰਤਾ ਖ਼ਤਮ ਕਰ ਦਿੱਤੀ ਹੈ। ਸੰਯੁਕਤ ਪਰਿਵਾਰ ਬੀਤੇ ਦੀਆਂ ਬਾਤਾਂ ਹੋ ਕੇ ਰਹਿ ਗਏ ਹਨ। ਪਰਿਵਾਰਕ ਮੋਹ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ। ਪੱਛਮੀ ਸੱਭਿਆਚਾਰ ਦਾ ਬੋਲਬਾਲਾ ਹੈ। ਬੱਚੇ ਆਪਣੇ ਸੱਭਿਆਚਾਰ, ਵਿਰਸੇ, ਮਾਂ ਬੋਲੀ ਦੇ ਖ਼ਜ਼ਾਨੇ-ਕਿੱਸੇ, ਕਹਾਣੀਆਂ, ਬਾਤਾਂ ਤੋਂ ਦੂਰ ਜਾ ਰਹੇ ਹਨ। ਵਿਗਿਆਨ ਦੇ ਸਾਧਨ ਜਿਵੇਂ ਟੀ.ਵੀ., ਕੰਪਿਊਟਰ, ਮੋਬਾਈਲ ਅਤੇ ਕੇਬਲ ਸੱਭਿਆਚਾਰ ਨੇ ਸਮੂਹਿਕ ਤੌਰ ‘ਤੇ ਮਾਣੇ ਜਾਣ ਵਾਲੇ ਮਨੋਰੰਜਨ ਦੇ ਸਾਧਨ ਕਿਸੇ ਹੱਦ ਤਕ ਖ਼ਤਮ ਕਰ ਦਿੱਤੇ ਹਨ, ਜਿਸ ਕਾਰਨ ਬੁਝਾਰਤਾਂ ਪਾਉਣ ਅਤੇ ਬੁੱਝਣ ਦੀ ਪਰੰਪਰਾ ਵੀ ਖ਼ਤਮ ਹੋ ਰਹੀ ਹੈ।
ਅੱਜ ਦਾਦੀ ਤੇ ਨਾਨੀ ਦੋਵੇਂ ਹੀ ਉਦਾਸ ਹਨ। ਘਰ ਵਿਚ ਬੱਚੇ ਹਨ, ਪਰ ਉਨ੍ਹਾਂ ਦੀ ਗੋਦ ਵਿਚ ਕੋਈ ਨਹੀਂ ਬੈਠਦਾ। ਇਹ ਸਾਡੇ ਸਮਾਜ ਦਾ ਦੁਖਾਂਤ ਹੈ। ਵਰਤਮਾਨ ਸਮੇਂ ਦਾਦੀ-ਨਾਨੀ ਨਾਲ ਬੱਚਿਆਂ ਦੀ ਪਹਿਲਾਂ ਵਾਲੇ ਅਪਣੱਤ ਅਤੇ ਸਾਂਝ ਵਿਚ ਫ਼ਰਕ ਪੈਦਾ ਹੋ ਰਿਹਾ ਹੈ ਅਕਸਰ ਘਰਾਂ ਵਿਚ ਛੋਟੇ ਬੱਚਿਆਂ ਵਲੋਂ ਦਾਦੀ ਜਾਂ ਨਾਨੀ ਨੂੰ ਚਿੜਾਉਂਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਅਜਿਹੇ ਬੱਚਿਆਂ ਵਲੋਂ ਉਨ੍ਹਾਂ ਨੂੰ ਗੱਲ-ਗੱਲ ‘ਤੇ ਝਿੜਕਣਾ ਬੱਚਿਆਂ ਦੀ ਫ਼ਿਤਰਤ ਬਣ ਜਾਂਦੀ ਹੈ। ਬੱਚਿਆਂ ਦਾ ਆਪਣੀਆਂ ਦਾਦੀਆਂ-ਨਾਨੀਆਂ ਦੇ ਖੰਘਣ, ਥੋੜ੍ਹਾ-ਬਹੁਤਾ ਉੱਚੀ ਬੋਲਣ ਅਤੇ ਉਨ੍ਹਾਂ ਦੀ ਨਾਜਾਇਜ਼ ਮੰਗ ਨੂੰ ਠੁਕਰਾਉਣ ਪ੍ਰਤੀ ਬੇਇੱਜ਼ਤ ਕਰਨਾ ਮਾਮੂਲੀ ਗੱਲ ਹੈ। ਅਜਿਹੀ ਪ੍ਰਵਿਰਤੀ ਇਨ੍ਹਾਂ ਬਜ਼ੁਰਗਾਂ ਨੂੰ ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ ‘ਤੇ ਠੇਸ ਪਹੁੰਚਾਉਂਦੀ ਹੈ। ਆਪਣੀ ਸੰਤਾਨ ਦੀ ਸੰਤਾਨ ਦਾ ਆਪਣੇ ਪ੍ਰਤੀ ਅਜਿਹਾ ਘਟੀਆ ਵਤੀਰਾ ਦਾਦੀ-ਨਾਨੀ ਦੀਆਂ ਅੱਖਾਂ ਵਿਚ ਹੰਝੂ ਲੈ ਆਉਂਦਾ ਹੈ।
ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਹਨ। ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ। ਕਹਿੰਦੇ ਹਨ ਕਿ ਕਰਮਾਂ ਵਾਲੇ ਹੁੰਦੇ ਬੱਚੇ ਜਿਨ੍ਹਾਂ ਨੂੰ ਦਾਦੀ-ਨਾਨੀ ਦਾ ਪਿਆਰ ਮਿਲਦਾ। ਆਓ ਇਨ੍ਹਾਂ ਬਜ਼ੁਰਗਾਂ ਨੂੰ ਬਣਦਾ ਮਾਨ ਸਨਮਾਨ ਦੇਈਏ ਅਤੇ ਪਹਿਲਾ ਵਾਲੀਆਂ ਸਾਕ ਸਕੀਰੀਆਂ ਮੁੜ ਸੁਰਜੀਤ ਕਰੀਏ।
-ਸ਼ੰਕਰ ਮਹਿਰਾ
ਸੰਪਰਕ: 99888-98227
