
ਹਾਸਾ ਜੀਵਨ ਦਾ ਉਹ ਅਹਿਸਾਸ ਹੈ ਜੋ ਮਨੁੱਖ ਦੀ ਮਾਨਸਿਕਤਾ ਨੂੰ ਪ੍ਰਗਟ ਕਰਦਾ ਹੈ। ਮਨੁੱਖ ਦੀ ਦਿਮਾਗ਼ੀ ਤਾਜ਼ਗੀ ਤੇ ਤਸੱਲੀ ਦਾ ਪ੍ਰਗਟਾਵਾ ਇਹ ਹਾਸਾ ਹੀ ਕਰਦਾ ਹੈ। ਇਕ ਹਸਮੁੱਖ ਮਨੁੱਖ ਆਪਣੇ ਨਾਲ-ਨਾਲ ਹੋਰਾਂ ਨੂੰ ਵੀ ਦਿਮਾਗ਼ੀ ਤਾਜ਼ਗੀ ਦਾ ਅਹਿਸਾਸ ਕਰਾ ਦਿੰਦਾ ਹੈ।
ਹਾਸੇ ਦੀ ਸਾਡੇ ਜੀਵਨ ਵਿਚ ਬੜੀ ਅਹਿਮੀਅਤ ਹੈ। ਇਹ ਕਈ ਬਿਮਾਰੀਆਂ ਦੀ ਦਵਾਈ ਹੈ, ਸਰੀਰਕ ਅਤੇ ਮਾਨਸਿਕ ਦੋਵਾਂ ਲਈ। ਨਾ ਹੱਸਣ ਵਾਲਾ ਮਨੁੱਖ ਨਿਰਾਸ਼ ਅਤੇ ਕਈ ਬਿਮਾਰੀਆਂ ਦਾ ਘਰ ਹੁੰਦਾ ਹੈ।
ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਤਣਾਅ ਅਤੇ ਚਿੰਤਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਅਜਿਹੇ ਵਿਚ ਹਾਸਾ ਇਕ ਬੜੀ ਵੱਡੀ ਦਵਾਈ ਦਾ ਕੰਮ ਕਰਦੀ ਹੈ।
ਇਹ ਹਾਸਾ ਹੀ ਹੈ ਜੋ ਮਨੁੱਖ ਲਈ ਬਿਨ ਡਾਕਟਰ ਲਿਖੀ ਹੋਈ ਦਵਾਈ ਦਾ ਕੰਮ ਕਰਦਾ ਹੈ।
ਹੱਸਣ ਅਤੇ ਠਹਾਕੇ ਲਗਾਉਣ ਨਾਲ ਸਰੀਰ ਵਿਚ ਐਡੋਰਫਿਨ ਹਾਰਮੋਨ ਪੈਦਾ ਹੁੰਦਾ ਹੈ, ਜੋ ਸਰੀਰ ਵਿਚ ਚੁਸਤੀ-ਫੁਰਤੀ ਅਤੇ ਪ੍ਰਸੰਨਤਾ ਪੈਦਾ ਕਰਦਾ ਹੈ। ਹਮੇਸ਼ਾ ਪ੍ਰਸੰਨਚਿਤ ਰਹਿਣ ਅਤੇ ਦਿਲ ਖੋਲ੍ਹ ਕੇ ਹੱਸਣ ਨਾਲ ਸਰੀਰ ਵਿਚ ਖ਼ੂਨ ਦਾ ਵਹਾਅ ਤੇਜ਼ ਹੁੰਦਾ ਹੈ, ਫੇਫੜਿਆਂ ਵਿਚ ਭਰਪੂਰ ਹਵਾ ਪਹੁੰਚਦੀ ਹੈ।
ਜੇਕਰ ਮਨੁੱਖ ਦਿਨ ਵਿਚ 40 ਮਿੰਟ ਖੁੱਲ੍ਹ ਕੇ ਹੱਸੇ ਤਾਂ ਅਨੇਕਾਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ। ਡਾਕਟਰਾਂ ਦੀ ਸਭ ਤੋਂ ਸੌਖੀ ਸਸਤੀ, ਸਹੂਲਤ ਭਰਪੂਰ ਅਤੇ ਪ੍ਰਭਾਵੀ ਸਲਾਹ ਇਹੀ ਹੁੰਦੀ ਹੈ ਕਿ ਖੁਸ਼ ਰਿਹਾ ਜਾਵੇ।
ਹੱਸਣ ਨਾਲ ਕਈ ਹਾਰਮੋਨ ਅਤੇ ਪਾਚਕ ਅੰਜਾਈਮ ਦਾ ਰਿਸਾਅ ਹੁੰਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ, ਸਿਰ ਦਰਦ, ਉੱਚ ਖੂਨ ਦਬਾਅ, ਸ਼ੂਗਰ ਵਰਗੀਆਂ ਬਿਮਾਰੀਆਂ ਨਾਲ ਲੜਨ ਵਿਚ ਮਦਦ ਮਿਲਦੀ ਹੈ। ਖਿੜਖਿੜਾ ਕੇ ਹੱਸਣ ਨਾਲ ਚਰਬੀ, ਪੇਟ, ਫੇਫੜੇ ਅਤੇ ਲੀਵਰ (ਜਿਗਰ) ਦੀ ਚੰਗੀ ਕਸਰਤ ਹੁੰਦੀ ਹੈ।
ਹੱਸਣ ਨਾਲ ਸਰੀਰ ਵਿਚ ਲਹੂ ਨਾੜੀਆਂ ਅਤੇ ਸਰੀਰ ਦੀ ਸੁਰੱਖਿਆ ਸਬੰਧੀ ਸਾਰਿਆਂ ਹਿੱਸਿਆਂ ਦੀ ਸ਼ਕਤੀ ਵਧਦੀ ਹੈ। ਹੱਸਣ ਨਾਲ ਮੂੰਹ ਦੀ ਲਾਰ ਵਿਚ ਐਂਟੀਬਾਡੀਜ਼ ਬਣਦੇ ਹਨ ਜੋ ਬਿਮਾਰੀਆਂ ਤੋਂ ਬਚਾਅ ਕਰਦੇ ਹਨ। ਟੀ.ਬੀ. ਵਰਗੀ ਖ਼ਤਰਨਾਕ ਬਿਮਾਰੀ ਵੀ ਖੁੱਲ੍ਹ ਕੇ ਹੱਸਣ ਨਾਲ ਹੌਲੀ-ਹੌਲੀ ਠੀਕ ਹੋ ਜਾਂਦੀ ਹੈ।
ਹੱਸਣ ਨਾਲ ਨਾੜੀਆਂ ਤੇਜ਼ੀ ਨਾਲ ਬਣਦੀਆਂ ਹਨ ਅਤੇ ਸਰੀਰ ਵਿਚ ਊਰਜਾ ਦਾ ਪੱਧਰ ਵੀ ਵਧਦਾ ਹੈ। ਸਪਾਂਡਿਲਾਈਟਿਸ, ਗਠੀਆ ਆਦਿ ਬਿਮਾਰੀਆਂ ਕਾਰਨ ਵੀ ਹੱਸਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਮਾਨਸਿਕ ਸੰਤੁਲਨ ਲਈ ਵੀ ਹੱਸਣਾ ਇਕ ਅਹਿਮ ਕਾਰਨ ਹੈ, ਜੋ ਬਿਲਕੁਲ ਮੁਫ਼ਤ ਹਾਸਲ ਕੀਤੀ ਜਾ ਸਕਦੀ ਹੈ। ਇਹ ਤਣਾਅ, ਉਦਾਸੀ, ਉਨੀਂਦਰਾ ਦੀ ਰਾਮਬਾਣ ਦਵਾਈ ਹੈ। ਜਦੋਂ ਵੀ ਤਣਾਅ ਵਿਚ ਹੋਵੋ ਤਾਂ ਦਿਲ ਖੋਲ੍ਹ ਕੇ ਹੱਸੋ ਤੇ ਫਰਕ ਮਹਿਸੂਸ ਕਰਕੇ ਦੇਖਣਾ।
ਹੱਸਣ ਦਾ ਇਕ ਫਾਇਦਾ ਸਾਡੀ ਸੁੰਦਰਤਾ ਨਾਲ ਵੀ ਜੁੜਿਆ ਹੋਇਆ ਹੈ। ਹਮੇਸਾਂ ਖੁਸ਼ ਰਹਿਣ ਵਾਲੇ ਦੇ ਚਿਹਰੇ ‘ਤੇ ਕਦੀ ਝੁਰੜੀਆਂ ਨਹੀਂ ਪੈਂਦੀਆਂ ਅਤੇ ਚਿਹਰਾ ਚਮਕਦਾ ਰਹਿੰਦਾ ਹੈ।
ਹੱਸਣ ਦੇ ਅਨੇਕਾਂ ਲਾਭ ਹਨ ਇਸ ਲਈ ਦਿਨ ਵਿਚ ਹੱਸਣ ਲਈ ਸਮਾਂ ਜ਼ਰੂਰ ਕੱਢੋ। ਹਸਮੁਖ ਲੋਕਾਂ ਨੂੰ ਮਿਲੋ, ਚੁਟਕਲੇ ਅਤੇ ਕਹਾਣੀਆਂ ਪੜ੍ਹੋ। ਹਾਸੇ-ਮਜ਼ਾਕ ਵਾਲੇ ਪ੍ਰੋਗਰਾਮਾਂ ਵਿਚ ਭਾਗ ਲਓ।
ਹੱਸਣ ਦੇ ਮੌਕਿਆਂ ਨੂੰ ਕਦੇ ਨਾ ਛੱਡੋ। ਇਹ ਜੀਵਨ ਨੂੰ ਖੁਸ਼ਨੁਮਾ ਅਤੇ ਉਮੰਗ ਨਾਲ ਭਰਪੂਰ ਬਣਾਉਣ ਵਾਲੀ ਚਮਤਕਾਰੀ ਜਾਦੂ ਦੀ ਛੜੀ ਹੈ। ਇਸ ਲਈ ਖੁੱਲ੍ਹ ਕੇ ਹੱਸੋ ਅਤੇ ਹਸਾਓ।
– ਉਮੇਸ਼ ਕੁਮਾਰ ਸਾਹੂ
